ਅਹਿਮਦਾਬਾਦ ਦੇ ਭਿਆਨਕ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ, ਪਰ ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਦਾ ਦਰਦ ਅਜੇ ਵੀ ਤਾਜ਼ਾ ਹੈ। 12 ਜੂਨ 2025 ਨੂੰ ਲੰਡਨ ਜਾ ਰਹੀ ਉਡਾਣ ਟੇਕਆਫ਼ ਤੋਂ ਕੁਝ ਹੀ ਸਮੇਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿੱਚ 260 ਲੋਕਾਂ ਦੀ ਮੌਤ ਹੋਈ ਸੀ।
ਪਹਿਲੀ ਬਰਸੀ ਮੌਕੇ ਕਈ ਪਰਿਵਾਰ ਅੱਜ ਹਾਦਸੇ ਵਾਲੀ ਥਾਂ 'ਤੇ ਸ਼ਰਧਾਂਜਲੀ ਸਮਾਗਮ ਅਤੇ ਮੋਮਬੱਤੀ ਜਗਾ ਕੇ ਆਪਣੇ ਵਿਛੜੇ ਸੱਜਣਾਂ ਨੂੰ ਯਾਦ ਕਰ ਰਹੇ ਹਨ। ਲਗਭਗ 150 ਪਰਿਵਾਰਾਂ ਨੇ ਇਸ ਯਾਦਗਾਰੀ ਸਮਾਗਮ ਲਈ ਇਜਾਜ਼ਤ ਮੰਗੀ ਸੀ ਅਤੇ ਪ੍ਰਸ਼ਾਸਨ ਨੇ ਕੈਂਡਲਲਾਈਟ ਵਿਜ਼ਿਲ ਦੀ ਮਨਜ਼ੂਰੀ ਵੀ ਦਿੱਤੀ ਹੈ।
ਪਰਿਵਾਰਾਂ ਦਾ ਕਹਿਣਾ ਹੈ ਕਿ ਮੁਆਵਜ਼ੇ ਨਾਲੋਂ ਵੱਧ ਮਹੱਤਵਪੂਰਨ ਸੱਚਾਈ ਅਤੇ ਜਵਾਬਦੇਹੀ ਹੈ। ਇੱਕ ਸਾਲ ਬਾਅਦ ਵੀ ਅੰਤਿਮ ਜਾਂਚ ਰਿਪੋਰਟ ਜਾਰੀ ਨਹੀਂ ਹੋਈ, ਜਿਸ ਕਾਰਨ ਹਾਦਸੇ ਦੇ ਅਸਲ ਕਾਰਨਾਂ ਬਾਰੇ ਕਈ ਸਵਾਲ ਅਜੇ ਵੀ ਬਾਕੀ ਹਨ।
ਇਸ ਬਰਸੀ ਨੇ ਇਕ ਵਾਰ ਫਿਰ ਉਹ ਦਰਦਨਾਕ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਕਈ ਪਰਿਵਾਰਾਂ ਅਤੇ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਉਹ ਅੱਜ ਵੀ ਮਨੋਵਿਗਿਆਨਕ ਸਦਮੇ, ਗ਼ਮ ਅਤੇ ਡਰ ਨਾਲ ਜੂਝ ਰਹੇ ਹਨ।
ਅੱਜ ਦਾ ਦਿਨ ਸਿਰਫ਼ ਇੱਕ ਹਾਦਸੇ ਦੀ ਯਾਦ ਨਹੀਂ, ਸਗੋਂ ਉਹਨਾਂ 260 ਜ਼ਿੰਦਗੀਆਂ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਹੈ ਜੋ ਇਸ ਦੁਖਦਾਈ ਘਟਨਾ ਵਿੱਚ ਸਦਾ ਲਈ ਖੋ ਗਈਆਂ।