ਇਸ ਦੌਰਾਨ ਈਰਾਨ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਐਲੋਨ ਮਸਕ ਦੀਆਂ ਸਾਰੀਆਂ ਵਪਾਰਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਏਗਾ। ਇਸ ਵਿੱਚ ਸਪੇਸਐਕਸ ਦੀ ਸਟਾਰਲਿੰਕ ਇੰਟਰਨੈੱਟ ਸੇਵਾ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) ਸ਼ਾਮਲ ਹੈ। ਈਰਾਨ ਦੇ ਸਰਕਾਰੀ ਮੀਡੀਆ, ਫਾਰਸ ਦੇ ਅਨੁਸਾਰ ਤਹਿਰਾਨ ਨੇ ਆਪਣੀ ਫੌਜੀ ਹਿੱਟ ਲਿਸਟ ਦਾ ਵਿਸਥਾਰ ਕੀਤਾ ਹੈ। ਇਸ ਵਿੱਚ ਹੁਣ ਪੱਛਮੀ ਏਸ਼ੀਆ ਵਿੱਚ ਮਸਕ ਦੀਆਂ ਕੰਪਨੀਆਂ ਅਤੇ ਸਟਾਰਲਿੰਕ ਦੇ ਜ਼ਮੀਨੀ ਸਟੇਸ਼ਨਾਂ ਨਾਲ ਜੁੜੇ ਸਾਰੇ ਆਰਥਿਕ ਹਿੱਤ ਸ਼ਾਮਲ ਹਨ। ਈਰਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਸਕ ਦੀਆਂ ਕੰਪਨੀਆਂ ਅਮਰੀਕਾ ਅਤੇ ਇਜ਼ਰਾਈਲੀ ਫੌਜੀ ਕਾਰਵਾਈਆਂ ਵਿੱਚ ਸਰਗਰਮੀ ਨਾਲ ਸਹਾਇਤਾ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੰਪਨੀਆਂ ਡਰੋਨ ਹਮਲਿਆਂ ਅਤੇ ਮਨੁੱਖ ਰਹਿਤ ਹਵਾਈ ਵਾਹਨਾਂ ਵਰਗੇ ਆਧੁਨਿਕ ਹਥਿਆਰਾਂ ਦੇ ਸੰਚਾਲਨ ਵਿੱਚ ਸਹਾਇਤਾ ਕਰਦੀਆਂ ਹਨ। ਈਰਾਨ ਦਾ ਮੰਨਣਾ ਹੈ ਕਿ ਅਮਰੀਕਾ ਨੇ ਮਸਕ ਦੀਆਂ ਕੰਪਨੀਆਂ ਦੀ ਮਦਦ ਨਾਲ ਜੰਗੀ ਅਪਰਾਧ ਕੀਤੇ ਹਨ। ਇਸ ਲਈ ਈਰਾਨ ਨੂੰ ਇਨ੍ਹਾਂ ਕੰਪਨੀਆਂ ਦੀਆਂ ਸਹੂਲਤਾਂ 'ਤੇ ਹਮਲਾ ਕਰਨ ਦਾ ਪੂਰਾ ਅਧਿਕਾਰ ਹੈ।

ਈਰਾਨ ਵੱਲੋਂ ਇਹ ਚੇਤਾਵਨੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਥੋੜ੍ਹੀ ਦੇਰ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਅਮਰੀਕਾ ਈਰਾਨ 'ਤੇ ਬਹੁਤ ਜ਼ੋਰਦਾਰ ਹਮਲਾ ਕਰੇਗਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਅਮਰੀਕੀ ਫੌਜਾਂ ਈਰਾਨ ਦੇ ਮੁੱਖ ਤੇਲ ਨਿਰਯਾਤ ਕੇਂਦਰ, ਖਾਰਗ ਟਾਪੂ 'ਤੇ ਕਬਜ਼ਾ ਕਰ ਲੈਣਗੀਆਂ।
ਐਲੋਨ ਮਸਕ ਦੀਆਂ ਕੰਪਨੀਆਂ ਨੂੰ ਧਮਕੀ ਦੇਣਾ ਈਰਾਨ ਦੀ ਪਹਿਲੀ ਅਜਿਹੀ ਕੋਸ਼ਿਸ਼ ਨਹੀਂ ਹੈ। ਇਸ ਸਾਲ ਦੇ ਸ਼ੁਰੂ ਵਿੱਚ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਆਪਣਾ ਧਿਆਨ ਰਵਾਇਤੀ ਹਥਿਆਰਾਂ ਤੋਂ ਹਟਾ ਕੇ ਸੂਚਨਾ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕੰਪਨੀਆਂ ਵੱਲ ਤਬਦੀਲ ਕਰ ਦਿੱਤਾ ਹੈ। IRGC ਨੇ 18 ਤੋਂ ਵੱਧ ਪ੍ਰਮੁੱਖ ਅਮਰੀਕੀ ਕੰਪਨੀਆਂ ਨੂੰ ਆਪਣੀ ਹਿੱਟ ਲਿਸਟ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚ Meta (Facebook, Instagram, WhatsApp), Google, Apple, Microsoft, Intel, ਅਤੇ Nvidia ਵਰਗੀਆਂ ਕੰਪਨੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਬੋਇੰਗ, Tesla ਅਤੇ Palantir ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।
ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ। ਰਿਪੋਰਟਾਂ ਅਨੁਸਾਰ ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਵਿੱਚ Amazon Web Services ਡੇਟਾ ਸੈਂਟਰਾਂ ਨੂੰ ਈਰਾਨੀ ਡਰੋਨ ਹਮਲਿਆਂ ਨਾਲ ਨੁਕਸਾਨ ਪਹੁੰਚਿਆ ਸੀ। ਇਨ੍ਹਾਂ ਹਮਲਿਆਂ ਦੇ ਨਤੀਜੇ ਵਜੋਂ ਬਿਜਲੀ ਬੰਦ ਹੋ ਗਈ ਅਤੇ ਅੱਗ ਬੁਝਾਊ ਪ੍ਰਣਾਲੀਆਂ ਨੂੰ ਕਾਫ਼ੀ ਨੁਕਸਾਨ ਹੋਇਆ। ਈਰਾਨ ਹੁਣ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਜਾਇਜ਼ ਨਿਸ਼ਾਨਾ ਮੰਨਦਾ ਹੈ।